ਪੁਨਰ—ਮੁਲਾਂਕਣ ਸਬੰਧੀ ਮੁੱਖ ਨਿਯਮ/ਹਦਾਇਤਾਂ
1. ਫ਼ਾਰਮ ਵਿੱਚ ਸਾਰੇ ਇੰਦਰਾਜ ਹਰ ਪੱਖੋਂ ਪੂਰੇ ਹੋਣੇ ਚਾਹੀਦੇ ਹਨ। ਫ਼ਾਰਮ ਵਿੱਚ ਗਲਤ ਸੂਚਨਾ ਜਿਵੇਂ ਆਪਸ਼ਨ/ਪੇਪਰ, ਰੋਲ ਨੰਬਰ ਆਦਿ ਦਾ ਗਲਤ ਲਿਖਿਆ ਜਾਣਾ ਜਾਂ ਫ਼ਾਰਮ ਤੇ ਹਸਤਾਖ਼ਰ ਨਾ ਕਰਨਾ, ਅੰਕ—ਬਿਊਰਾ ਕਾਰਡ ਜਾਂ ਨਤੀਜੇ ਦੀ ਆਰਜ਼ੀ ਸੂਚਨਾ ਨੂੰ ਅਸਲ ਰੂਪ ਵਿੱਚ ਫ਼ਾਰਮ ਨਾਲ ਨਾ ਲਗਾਉਣਾ ਆਦਿ ਦੀ ਸੂਰਤ ਵਿੱਚ ਰੱਦ ਕੀਤੇ ਫ਼ਾਰਮ ਲਈ ਵਿਦਿਆਰਥੀ ਆਪ ਜ਼ਿੰਮੇਵਾਰ ਹੋਵੇਗਾ।
2. ਮੂਲ ਪ੍ਰੀਖਿਅਕ ਦੁਆਰਾ ਦਿੱਤੇ ਗਏ ਅੰਕ ਅਤੇ ਮੁੜ ਮੁਲਾਂਕਣ ਲਈ ਨਿਯੁਕਤ ਕੀਤੇ ਗਏ ਪ੍ਰੀਖਿਅਕ ਦੁਆਰਾ ਦਿੱਤੇ ਗਏ ਅੰਕਾਂ ਵਿੱਚ ਜੇਕਰ ਸਬੰਧਿਤ ਪੇਪਰ ਲਈ ਨਿਸ਼ਚਿਤ ਅਧਿਕਤਮ ਅੰਕਾਂ ਦੇ ਆਧਾਰ ਤੇ 10% ਤੱਕ ਵਾਧਾ/ਘਾਟਾ ਹੁੰਦਾ ਹੈ ਤਾਂ ਦੂਜੇ ਪ੍ਰੀਖਿਅਕ ਦੁਆਰਾ ਦਿੱਤੇ ਪੂਰੇ ਅੰਕ ਹੀ ਵਿਦਿਆਰਥੀ ਨੂੰ ਦਿੱਤੇ ਜਾਣਗੇ। ਜੇਕਰ ਪੁਨਰ—ਮੁਲਾਂਕਣ ਦੇ ਨੰਬਰਾਂ ਵਿੱਚ ਵਾਧਾ/ਘਾਟਾ ਦਾ 10% ਤੋਂ ਵੱਧ ਹੋਵੇ ਤਾਂ ਪਰਚੇ ਤੀਜੇ ਪ੍ਰੀਖਿਅਕ ਨੂੰ ਭੇਜੇ ਜਾਣਗੇ ਅਤੇ ਨਤੀਜਾ ਦੂਜੇ ਅਤੇ ਤੀਜੇ ਪ੍ਰੀਖਿਅਕ ਦੁਆਰਾ ਦਿੱਤੇ ਨੰਬਰਾਂ ਦੀ ਔਸਤ ਕੱਢ ਕੇ ਤੈਅ ਕੀਤਾ ਜਾਵੇਗਾ। ਉੱਤਰ—ਕਾਪੀਆਂ ਦਾ ਪੁਨਰ— ਮੁਲਾਂਕਣ ਕਰਵਾਉਣ ਵਿੱਚ ਪਹਿਲੇ (ਮੂਲ) ਪ੍ਰੀਖਿਅਕ ਦੁਆਰਾ ਦਿੱਤੇ ਅੰਕ ਆਪਣੇ ਆਪ ਰੱਦ ਹੋ ਜਾਣਗੇ। ਵਿਦਿਆਰਥੀ ਦਾ ਉਨ੍ਹਾਂ ਤੇ ਕੋਈ ਕਲੇਮ ਨਹੀਂ ਰਹੇਗਾ।
3. ਜਿਨ੍ਹਾਂ ਵਿਦਿਆਰਥੀਆਂ ਨੇ ਭਾਗ ਦੂਜਾ ਅਤੇ ਤੀਜਾ ਦੇ ਕਿਸੇ ਵਿਸ਼ੇ ਵਿੱਚ ਆਨਰਜ਼ ਦੇ ਪਰਚੇ ਵੀ ਦਿੱਤੇ ਹੋਣ ਤੇ ਉਨ੍ਹਾਂ ਵਿੱਚੋਂ ਹੀ ਪੁਨਰ—ਮੁਲਾਂਕਣ ਕਰਵਾਉਣਾ ਚਾਹੁੰਦੇ ਹੋਣ ਤਾਂ ਉਨ੍ਹਾਂ ਨੂੰ ਫ਼ਾਰਮ ਵਿੱਚ ਵਿਸ਼ੇਸ਼ ਤੌਰ ਤੇ ਪੇਪਰ ਨਾਲ ਆਨਰਜ਼ ਸ਼ਬਦ ਲਿਖਣਾ ਜ਼ਰੂਰੀ ਹੈ। ਸਮੈਸਟਰ ਪ੍ਰੀਖਿਆ ਸਮੇਤ, ਸਾਰੀਆਂ ਪ੍ਰੀਖਿਆਵਾਂ ਵਿੱਚ, ਜਿੱਥੇ ਪੇਪਰ ਦੀ ਆਪਸ਼ਨ ਹੋਵੇ, ਉਹ ਸੰਬੰਧਤ ਖਾਨੇ ਵਿੱਚ ਲਿਖਣੀ ਜ਼ਰੂਰੀ ਹੈ।
4. ਜਿਨ੍ਹਾਂ ਵਿਦਿਆਰਥੀਆਂ ਦਾ ਪੁਨਰ—ਮੁਲਾਂਕਣ ਦਾ ਨਤੀਜਾ ਅਗਲੀ ਪ੍ਰੀਖਿਆ ਸ਼ੁਰੂ ਹੋਣ ਤੱਕ ਘੋਸ਼ਿਤ ਨਹੀਂ ਕੀਤਾ ਜਾਂਦਾ ਅਤੇ ਵਿਦਿਆਰਥੀ ਅਗਲੀ ਪ੍ਰੀਖਿਆ ਵਿੱਚ ਬੈਠ ਜਾਂਦੇ ਹਨ, ਅਜਿਹੇ ਕੇਸਾਂ ਵਿੱਚ ਵਿਦਿਆਰਥੀਆਂ ਨੂੰ ਪੁਨਰ—ਮੁਲਾਂਕਣ ਜਾਂ ਅਗਲੀ ਪ੍ਰੀਖਿਆ ਵਿੱਚ ਸਬੰਧਿਤ ਪੇਪਰ ਦੇ ਅੰਕਾਂ ਵਿੱਚੋਂ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਲਾਭ ਹੁੰਦਾ ਹੋਵੇ, ਉਹ ਅੰਕ ਰੱਖ ਕੇ ਉਨ੍ਹਾਂ ਦਾ ਪੁਨਰ—ਮੁਲਾਂਕਣ/ਰੀ—ਅਪੀਅਰ ਨਤੀਜਾ ਘੋਸ਼ਿਤ ਕੀਤਾ ਜਾਵੇਗਾ।
5. ਜੇਕਰ ਕਿਸੇ ਕਾਲਜ ਵਿੱਚ ਭਾਗ ਲੈ ਚੁੱਕੇ ਵਿਦਿਆਰਥੀ ਕਿਸੇ ਪੇਪਰ ਦਾ ਪੁਨਰ—ਮੁਲਾਂਕਣ ਕਰਵਾਉਂਦੇ ਹਨ ਤੇ ਉਨ੍ਹਾਂ ਦੇ ਨੰਬਰ ਪੁਨਰ—ਮੁਲਾਂਕਣ ਤੋਂ ਬਾਅਦ ਘੱਟ ਜਾਂਦੇ ਹਨ, ਤਾਂ ਵੀ ਉਹ ਦਾਖਲੇ ਵਾਸਤੇ ਯੋਗ ਬਣੇ ਰਹਿਣਗੇ ਬਸ਼ਰਤੇ ਕਿ ਉਹ ਦਾਖਲੇ ਲਈ ਹੋਰ ਸ਼ਰਤਾਂ ਦੇ ਨਾਲ—ਨਾਲ ਘੱਟ ਤੋਂ ਘੱਟ ਨੰਬਰਾਂ ਦੀ ਸ਼ਰਤ ਨੂੰ ਪੂਰਾ ਕਰਦੇ ਹੋਣ, ਉਨ੍ਹਾਂ ਦਾ ਨਾਂ ਸ਼੍ਰੇਣੀ ਵਿੱਚੋਂ ਖਾਰਜ ਨਹੀਂ ਕੀਤਾ ਜਾਵੇਗਾ। ਪਰ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਦਾ ਸਬੰਧਿਤ ਸ਼੍ਰੇਣੀ ਵਿੱਚ ਦਾਖਲਾ ਸੁਭਾਵਿਕ ਤੌਰ ਤੇ ਹੀ ਰੱਦ ਹੋ ਜਾਵੇਗਾ।
6. ਪੁਨਰ—ਮੁਲਾਂਕਣ ਨਾਲ ਸਬੰਧਿਤ ਨਿਯਮਾਂ/ਹਦਾਇਤਾਂ/ਸੂਚਨਾਵਾਂ ਵਿੱਚ ਸਮੇਂ—ਸਮੇਂ ਤੇ ਹੋਈ ਕਿਸੇ ਵੀ ਤਬਦੀਲੀ ਨੂੰ ਫ਼ਾਰਮ ਭਰਨ ਤੋਂ ਪਹਿਲਾਂ ਸਬੰਧਿਤ ਸ੍ਰੋਤ ਤੋਂ ਜਾਨਣ ਦੀ ਜ਼ਿੰਮੇਵਾਰੀ ਵਿਦਿਆਰਥੀਆਂ ਦੀ ਆਪਣੀ ਹੋਵੇਗੀ।
7. ਉੱਤਰ—ਕਾਪੀਆਂ ਦਾ ਪੁਨਰ—ਮੁਲਾਂਕਣ ਛੇਤੀ ਤੋਂ ਛੇਤੀ ਕਰਵਾਇਆ ਜਾਂਦਾ ਹੈ ਪਰ ਨਾ—ਟਲਣ ਯੋਗ ਹਾਲਾਤ ਕਾਰਨ ਜੇਕਰ ਪੁਨਰ—ਮੁਲਾਂਕਣ ਵਿੱਚ ਦੇਰੀ ਹੁੰਦੀ ਹੈ ਤਾਂ ਉਸ ਲਈ ਕਾਲਜ ਜ਼ਿੰਮੇਵਾਰ ਨਹੀਂ ਹੋਵੇਗਾ। ਇਸ ਲਈ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣਾ ਅਗਲਾ ਪ੍ਰੋਗਰਾਮ ਅਸਲ ਨਤੀਜੇ ਅਨੁਸਾਰ ਹੀ ਉਲੀਕਣ।